ਦਿਲਚਸਪੀ ਦੇ ਸਥਾਨ
ਜਾਮਾ ਮਸਜਿਦ
ਸ਼ਹਿਰ ਦੇ ਵਿਚਕਾਰ ਅਤੇ ਮੁਹੱਲਾ ਬਾਰਾਦਰੀ ਦੇ ਨੇੜੇ ਸਥਿਤ ਜਾਮਾ ਮਸਜਿਦ ਵੀ ਨਵਾਬ ਦੇ ਇਤਿਹਾਸ ਦੀ ਗਵਾਹੀ ਭਰਦੀ ਹੈ। ਇਸ ਨੂੰ ਨਵਾਬ ਸ਼ੇਰ ਮੁਹੰਮਦ ਖਾਨ ਅਤੇ ਫਿਰ ਨਵਾਬ ਸਿਕੰਦਰ ਅਲੀ ਖਾਨ ਦੇ ਰਾਜ ਦੌਰਾਨ ਬਣਾਇਆ ਗਿਆ ਸੀ ਅਤੇ ਮੌਜੂਦਾ ਸਮੇਂ ਪੰਜ ਪੁਰਾਣੇ ਗੁੰਬਦ ਅਜੇ ਵੀ ਖੜ੍ਹੇ ਹਨ। ਮਸਜਿਦ ਦੇ ਬਾਹਰਲੇ ਹਿੱਸੇ ਨੂੰ ਦੇਸ਼ ਦੀ ਵੰਡ ਤੋਂ ਬਾਅਦ ਉਸਾਰਿਆ ਗਿਆ ਸੀ ਅਤੇ ਇਸ ‘ਤੇ ਖੂਬਸੂਰਤ ਮੀਨਾਕਾਰੀ ਕੀਤੀ ਹੋਈ ਹੈ।
ਦੀਵਾਨਖਾਨਾ ਸ਼ੀਸ਼ ਮਹਿਲ:
ਸ਼ਹਿਰ ਦੇ ਕੇਂਦਰ ਵਿਚ ਸਥਿਤ, ਸ਼ੀਸ਼ ਮਹਿਲ ਮਾਲੇਰਕੋਟਲਾ ਦੇ ਨਵਾਬ ਦੀ ਸ਼ਾਹੀ ਰਿਹਾਇਸ਼ ਸੀ ਅਤੇ ਇਸ ਨੂੰ ਇਸਦੀ ਖੂਬਸੂਰਤੀ ਲਈ ਜਾਣਿਆ ਜਾਂਦਾ ਹੈ। ਸ਼ਾਹੀ ਮਹਿਲ, ਦੀਵਾਨਖਾਨਾ ਸ਼ੀਸ਼ ਮਹਿਲ, ਦਾ ਨਿਰਮਾਣ ਨਵਾਬ ਸਿਕੰਦਰ ਅਲੀ ਖਾਨ ਅਤੇ ਨਵਾਬ ਅਹਿਮਦ ਅਲੀ ਖਾਨ ਦੁਆਰਾ ਕਰਵਾਇਆ ਗਿਆ ਸੀ। ਦੋ ਹਿੱਸਿਆਂ ਵਾਲੇ ਸ਼ੀਸ਼ ਮਹਿਲ ਦੇ ਸੱਜੇ ਪਾਸੇ ਦਾ ਸ਼ੀਸ਼ੇ ਦਾ ਕੰਮ 1857 ਈ: ਤੋਂ ਬਾਅਦ ਨਵਾਬ ਸਿਕੰਦਰ ਅਲੀ ਖਾਨ ਨੇ ਕਰਵਾਇਆ ਸੀ, ਜਦੋਂ ਕਿ ਖੱਬੇ ਪਾਸੇ ਦਾ ਸ਼ੀਸ਼ੇ ਦਾ ਸੁਹਣਾ ਕੰਮ ਨਵਾਬ ਅਹਿਮਦ ਅਲੀ ਖਾਨ ਵੱਲੋਂ 1909 ਈ: ਤੋਂ ਪਹਿਲਾਂ ਕਰਵਾਇਆ ਗਿਆ ਸੀ।
ਮੁਬਾਰਕ ਮੰਜ਼ਿਲ ਮਹਿਲ:
ਨਵਾਬ ਅਹਿਮਦ ਅਲੀ ਖ਼ਾਨ ਦੇ ਰਾਜ ਦੌਰਾਨ, ਸ਼ਹਿਰ ਦੇ ਮੱਧ ਵਿਚ ਕੱਚ ਦੀਆਂ ਖਿੜਕੀਆਂ ਅਤੇ ਵੱਡੇ ਖੁੱਲ੍ਹੇ ਅਤੇ ਹਵਾਦਾਰ ਕਮਰਿਆਂ ਵਾਲੇ ਸ਼ਾਨਦਾਰ ਮੁਬਾਰਕ ਮੰਜ਼ਿਲ ਮਹਿਲ ਦੀ ਉਸਾਰੀ ਦੇ ਨਾਲ, ਇਸ ਇਲਾਕੇ ਵਿਚ ਤਰੱਕੀ ਦਾ ਦੌਰ ਸ਼ੁਰੂ ਹੋਇਆ। ਮੁਬਾਰਕ ਮੰਜ਼ਿਲ ਮਹਿਲ 19ਵੀਂ ਸਦੀ ਦਾ ਇੱਕ ਮਹਿਲ ਹੈ ਜੋ ਯੂਰਪੀਅਨ ਭਵਨ ਨਿਰਮਾਣ ਕਲਾ ਦਾ ਇਕ ਸ਼ਾਨਦਾਰ ਨਮੂਨਾ ਹੈ। ਇਹ 150 ਸਾਲ ਪੁਰਾਣਾ ਮਹਿਲ ਮਾਲੇਰਕੋਟਲਾ ਦੀ ਵਿਲੱਖਣ ਭਵਨ ਨਿਰਮਾਣ ਕਲਾ ਵਿੱਚੋਂ ਇੱਕ ਹੈ। ਮੁਬਾਰਕ ਮੰਜ਼ਿਲ ਮਹਿਲ ਨਵਾਬ ਪਰਿਵਾਰ ਦੀ ਆਖ਼ਰੀ ਬੇਗਮ ਮੁਨਵੱਰ ਉਲ-ਨਿਸਾ ਦੀ ਸਰਪ੍ਰਸਤੀ ਵਿਚ ਹੈ। ਇਸ ਮਹਿਲ ਵਿਚ ਮਲੇਰਕੋਟਲਾ ਰਿਆਸਤ ਦੇ ਆਖ਼ਰੀ ਨਵਾਬ ਇਫ਼ਤਿਖ਼ਾਰ ਅਲੀ ਖ਼ਾਨ ਆਪਣੀ ਬੇਗਮ ਮੁਨਵੱਰ ਉਲ-ਨਿਸਾ ਨਾਲ ਰਿਹਾ ਕਰਦੇ ਸਨ। ਹੁਣ ਇਸ ਮਹਿਲ ਵਿੱਚ ਬੇਗਮ ਮੁਨਵਰ ਉਲ-ਨਿਸਾ ਰਹਿ ਰਹੀ ਹੈ।
ਕੂਕਾ ਸਮਾਰਕ
ਇਸ ਸ਼ਹਿਰ ਨੂੰ ਕੂਕਾ ਸੰਘਰਸ਼ ਲਈ ਵੀ ਜਾਣਿਆ ਜਾਂਦਾ ਹੈ। ਜਨਵਰੀ 1872 ਵਿਚ ਬਰਤਾਨਵੀ ਹੁਕਮਾਂ ਤਹਿਤ 66 ਕੂਕਿਆਂ ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ ਸੀ। ਅਜ਼ਾਦੀ ਸੰਗਰਾਮ ਵਿਚ ਆਪਣੀ ਸ਼ਹਾਦਤ ਦੇਣ ਵਾਲੇ ਇਨ੍ਹਾਂ 66 ਕੂਕਿਆਂ ਦੀ ਯਾਦ ਵਿਚ ਕੂਕਾ ਸਮਾਰਕ ਬਣਾਇਆ ਗਿਆ ਹੈ।
ਕਿਲ੍ਹਾ ਰਹਿਮਤਗੜ੍ਹ
ਕਿਲ੍ਹਾ ਰਹਿਮਤਗੜ੍ਹ ਜੋ ਮਾਲੇਰਕੋਟਲਾ ਕਸਬੇ ਤੋਂ ਨਾਭਾ ਰੋਡ ਦੇ ਇਲਾਕੇ ਵਿੱਚ ਸਥਿਤ ਇਕ ਪੁਰਾਣਾ ਕਿਲ੍ਹਾ ਹੈ, ਨਵਾਬ ਸ਼ਾਸਕਾਂ ਦੇ ਰਾਜ ਬਾਰੇ ਕਈ ਤੱਥ ਉਜਾਗਰ ਕਰਦਾ ਹੈ। ਕਿਲ੍ਹਾ ਰਹਿਮਤਗੜ੍ਹ ਇਸ ਜਗ੍ਹਾ ‘ਤੇ ਨਵਾਬ ਰਹਿਮਤ ਅਲੀ ਖਾਨ ਦੁਆਰਾ 1850 ਦੇ ਆਸ-ਪਾਸ ਬਣਾਇਆ ਗਿਆ ਸੀ। ਕਿਲ੍ਹੇ ਦੇ ਅੰਦਰ ਨਵਾਬ ਸਾਹਿਬ ਦਾ ਦਰਬਾਰ ਅਤੇ ਸ਼ਾਹੀ ਮਹਿਲ ਬਣਾਇਆ ਗਿਆ ਸੀ।